ਥੋੜਾ ਖਿਆਲ ਕਰੋ! ਤੁਹਾਡੇ ਤੋਂ ਪਹਿਲਾਂ, ਇਸ ਧਰਤੀ 'ਤੇ ਅਰਬਾਂ ਹੀ ਲੋਕ ਹੋ ਚੁੱਕੇ ਹਨ। ਤੁਹਾਡੇ ਵਰਗੇ ਹੀ ਸੁਪਨੇ ਵੇਖਣ ਵਾਲੇ ਲੋਕ। ਤੁਹਾਡੇ ਵਾਂਗ ਹੀ ਧਨ ਦੌਲਤ ਇਕੱਠੀ ਕਰਨ ਵਾਲੇ ਲੋਕ। ਤੁਹਾਡੇ ਵਾਂਗ ਹੀ ਸੱਤਾ ਦੇ ਲਾਲਚੀ, ਔਹਦੇ ਦੇ ਲਾਲਚੀ, ਦੌਲਤ ਦੇ ਲਾਲਚੀ, ਮਾਨ ਸਤਿਕਾਰ ਦੇ ਲਾਲਚੀ! ਉਹ ਸਾਰੇ ਹੁਣ ਕਿੱਥੇ ਹਨ? ਉਨ੍ਹਾਂ ਦਾ ਨਾਮ ਵੀ ਕਿਸੇ ਨੂੰ ਹੁਣ ਪਤਾ ਨਹੀਂ। ਕਿੱਥੇ ਗੁਆਚ ਗਏ? ਹੋ ਸਕਦਾ ਹੈ ਕਿ ਤੁਸੀਂ ਜਿਸ ਮਿੱਟੀ ਉੱਤੇ ਤੁਰ ਫਿਰ ਰਹੇ ਹੋ, ਉਸ ਮਿੱਟੀ 'ਚ ਰਲੇ ਹੋਏ ਹੋਣ। ਹੋ ਸਕਦਾ ਹੈ ਕਿ ਜਿੱਥੇ ਤੁਸੀਂ ਬੈਠੇ ਹੋ, ਉੱਥੇ ਉਨ੍ਹਾਂ ਨੂੰ ਦਫ਼ਨਾਇਆ ਗਿਆ ਹੋਵੇ, ਹੇਠਾਂ ਉਨ੍ਹਾਂ ਦੀਆਂ ਹੱਡੀਆਂ ਗਲ਼ ਰਹੀਆਂ ਹੋਣ। ਕਦੇ ਉਹ ਵੀ ਆਕੜ ਨਾਲ ਚੱਲਦੇ ਸਨ ਜਿਵੇਂ ਤੁਸੀਂ ਆਕੜ ਕੇ ਚੱਲਦੇ ਹੋ। ਕਦੇ ਕਿਸੇ ਦਾ ਥੋੜਾ ਜਿਹਾ ਧੱਕਾ ਲੱਗ ਗਿਆ ਤਾਂ ਉਹ ਗੁੱਸ ਚੜ੍ਹ ਗਿਆ ਸੀ ਅਤੇ ਤਲਵਾਰਾਂ ਖਿੱਚੀਆਂ ਗਈਆਂ ਹੋਣਗੀਆ। ਅੱਜ ਮਿੱਟੀ ਵਿੱਚ ਪਏ ਹਨ ਅਤੇ ਅੱਜ ਕੋਈ ਵੀ ਉਨ੍ਹਾਂ ਨੂੰ ਪੈਰਾਂ ਹੇਠ ਲਤਾੜ ਕੇ ਨਿਕਲ ਜਾਂਦਾ ਹੈ। ਨਾ ਗੁੱਸਾ ਕਰ ਸਕਦੇ ਹਨ, ਨਾ ਤਲਵਾਰਾਂ ਖਿੱਚ ਸਕਦੇ ਹਨ।